ਟਰਾਂਸਪੋਰਟ ਮੰਤਰੀ ਵੱਲੋਂ ਬਿਆਨ

ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸਰਕਾਰਾਂ ਪੋਰਟ ਮੈਟਰੋ ਵੈਨਕੂਵਰ ਵਿੱਚ ਟਰੱਕਾਂ ਦੇ ਸੰਚਾਲਨ ਤੋਂ ਪ੍ਰਸੰਨ ਹਨ, ਸਲਾਹਕਾਰ ਵਿੰਸ ਰੈੱਡੀ ਧਿਆਨ ਰੱਖਣ ਕਿ ਗਰਮੀਆਂ ਦੌਰਾਨ ਇਹ ਜਾਰੀ ਰਹੇ

ਜੂਨ , 2014 ਵੈਨਕੂਵਰ, ਬ੍ਰਿਟਿਸ਼ ਕੋਲੰਬੀਆ

ਟਰਾਂਸਪੋਰਟ ਕੈਨੇਡਾ

ਮਾਣਯੋਗ ਲਿਜ਼ਾ ਰਾਇਟ, ਟਰਾਂਸਪੋਰਟ ਮੰਤਰੀ, ਅਤੇ ਮਾਣਯੋਗ ਟੌਡ ਸਟੋਨ, ਬ੍ਰਿਟਿਸ਼ ਕੋਲੰਬੀਆ ਦੇ ਆਵਾਜਾਈ ਅਤੇ ਬੁਨਿਆਦੀ ਢਾਂਚੇ ਬਾਰੇ ਮੰਤਰੀ, ਨੇ ਇੱਕ ਸਾਂਝਾ ਬਿਆਨ ਜਾਰੀ ਕਰ ਕੇ ਪੋਰਟ ਮੈਟਰੋ ਵੈਨਕੂਵਰ ਦੇ ਟਰੱਕ ਉਦਯੋਗ ਵਿੱਚ ਸਥਿਰਤਾ ਪ੍ਰਾਪਤ ਕਰਨ ਲਈ 26 ਮਾਰਚ, 2014 ਦੀ ਕਾਰਜ ਯੋਜਨਾ ਉੱਤੇ ਹੋਈ ਪ੍ਰਗਤੀ ਵੱਲ ਧਿਆਨ ਖਿੱਚਿਆ ਹੈ।

“ਪਿਛਲੇ ਦੋ ਮਹੀਨਿਆਂ ਦੌਰਾਨ ਕਾਫ਼ੀ ਕੁਝ ਹਾਸਲ ਕੀਤਾ ਗਿਆ ਹੈ, ਜਿਵੇਂ ਕਿ ਟਰੱਕ ਚਾਲਕਾਂ ਨੂੰ ਅਦਾਇਗੀਆਂ ਦੀ ਦਰ ਵਿੱਚ ਵਾਧਾ। ਫ਼ਿਰ ਵੀ, ਅਸੀਂ ਇਨ੍ਹਾਂ ਦਰਾਂ ਦੇ ਲਗਾਤਾਰ ਲਾਗੂ ਕੀਤੇ ਜਾਣ ਸਬੰਧੀ ਬਹੁਤ ਚਿੰਤਤ ਹਾਂ ਅਤੇ ਸਾਂਝੀ ਕਾਰਜ ਯੋਜਨਾ ਉੱਤੇ ਅਮਲ ਨੂੰ ਯਕੀਨੀ ਬਣਾਉਣ ਲਈ ਕਾਰਵਾਈ ਕਰਨ ਤੋਂ ਸੰਕੋਚ ਨਹੀਂ ਕਰਾਂਗੇ। ਇੱਕ ਫ਼ੌਰੀ ਉਪਾਅ ਦੇ ਤੌਰ ਤੇ, ਸੂਬਾਈ ਲੇਖਾ ਜਾਂਚ ਪ੍ਰੋਗਰਾਮ ਨੂੰ ਹੋਰ ਸਖ਼ਤ ਬਣਾਇਆ ਜਾ ਰਿਹਾ ਹੈ ਅਤੇ ਟੀਚਾ ਅਧਾਰਤ ਪੜਤਾਲਾਂ ਹੋ ਰਹੀਆਂ ਹਨ।

ਜਦ ਕਿ ਅਸੀਂ ਦਰਾਂ ਉੱਤੇ ਅਮਲ ਕਰਾਉਣ ਲਈ ਸਰਗਰਮੀ ਨਾਲ ਕੰੰਮ ਕਰ ਰਹੇ ਹਾਂ, ਕਾਰਜ ਯੋਜਨਾ ਵਿੱਚ ਪੋਰਟ ਉੱਤੇ ਉਡੀਕ ਦਾ ਸਮਾਂ ਘੱਟ ਕਰਨ ਦੇ ਉਪਾਅ ਵੀ ਸ਼ਾਮਲ ਹਨ। ਪ੍ਰਤੀਕਿਰਿਆ ਵੱਜੋਂ, ਪੋਰਟ ਮੈਰੀਨ ਟਰਮੀਨਲ ਆਪਣੇ ਕੰਮ ਦੇ ਘੰਟੇ ਵਧਾ ਰਹੇ ਹਨ ਅਤੇ ਕਨਟੇਨਰ ਟਰੱਕ ਜੀ ਪੀ ਐੱਸ ਲਗਾਉਣ ਸਬੰਧੀ ਪਰਾਜੈਕਟ ਜਿਸ ਦਾ ਉਦੇਸ਼ ਪੋਰਟ ਉੱਤੇ ਭੀੜ ਭੜੱਕਾ ਅਤੇ ਉਡੀਕ ਦਾ ਸਮਾਂ ਘੱਟ ਕਰਨਾ ਹੈ, ਪਹਿਲਾਂ ਹੀ ਮੁਕੰਮਲ ਹੋਣ ਦੇ ਨਜ਼ਦੀਕ ਹੈ। ਭਾਵੇਂ ਇਹ ਸਾਰੇ ਸਕਾਰਾਤਮਕ ਕਦਮ ਹਨ, ਪਰ ਇਹ ਲਾਜ਼ਮੀ ਹੈ ਕਿ ਸਮੁੱਚੇ ਤੌਰ ਤੇ ਲਏ ਜਾਣ ਤੇ ਇਹ ਪ੍ਰਭਾਵਤ ਹੋਏ ਹਰ ਵਿਅਕਤੀ ਲਈ ਮੁਨਾਸਬ ਹੋਣ। ਅਸੀਂ ਆਪਣੇ ਅਧਿਕਾਰੀਆਂ ਨੂੰ ਪੋਰਟ ਟਰਮੀਨਲਾਂ ਅਤੇ ਢੋਆ ਢੁਆਈ ਨਾਲ ਜੁੜੇ ਭਾਈਚਾਰੇ ਨਾਲ ਸਹਿਯੋਗ ਜਾਰੀ ਰੱਖਣ ਲਈ ਕਿਹਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਉਪਾਵਾਂ ਨਾਲ ਪੋਰਟ ਦੀ ਉਤਪਾਦਕਤਾ ਵਧੇ ਅਤੇ ਇਨ੍ਹਾਂ ਦਾ ਨਤੀਜਾ ਟਰੱਕ ਚਾਲਕਾਂ ਦੇ ਖ਼ਰਚਿਆਂ ਦੇ ਸੰਗ੍ਰਹਿਤ ਹੋ ਜਾਣ ਵਿੱਚ ਨਾ ਨਿਕਲੇ ਜੋ ਕਿ ਇਸ ਖੇਤਰ ਨੂੰ ਏਨਾ ਸਫ਼ਲ ਬਣਾ ਰਹੇ ਹਨ। ਇਸ ਪ੍ਰਗਤੀ ਦਾ ਧੁਰਾ ਸਲਾਹਕਾਰ ਵਿੰਸ ਰੈੱਡੀ ਰਹੇ ਹਨ। ਸਾਂਝੀ ਕਾਰਜ ਯੋਜਨਾ ਦੇ ਮੁੱਖ ਤੱਤਾਂ ਨੂੰ ਲਾਗੂ ਕਰਨ ਸਬੰਧੀ ਉਨ੍ਹਾਂ ਦੀਆਂ ਹਾਲੀਆ ਸਿਫ਼ਾਰਸ਼ਾਂ ਸਾਡੀਆਂ ਸਰਕਾਰਾਂ, ਪੋਰਟ ਵੈਨਕੂਵਰ ਮੈਟਰੋ ਅਤੇ ਹੋਰਨਾਂ ਭਾਈਵਾਲਾਂ ਵੱਲੋਂ ਬਿਨਾਂ ਕਿਸੇ ਝਿਜਕ ਦੇ ਪ੍ਰਵਾਨ ਕੀਤੀਆਂ ਗਈਆਂ।

ਹਾਲੇ ਹੋਰ ਬਹੁਤ ਕੁਝ ਹੋਣ ਵਾਲਾ ਹੈ। ਸਾਨੂੰ ਇਹ ਐਲਾਨ ਕਰਦਿਆਂ ਪ੍ਰਸੰਨਤਾ ਹੋ ਰਹੀ ਹੈ ਕਿ ਸ੍ਰੀ ਰੈੱਡੀ 90 ਹੋਰ ਵਾਧੂ ਦਿਨ ਵੀ ਆਪਣਾ ਕੰਮ ਜਾਰੀ ਰੱਖਣਗੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਗਤੀ ਜਾਰੀ ਰਹੇ ਅਤੇ ਪੋਰਟ ਉੱਤੇ ਚਿਰਸਥਾਈ ਸਥਿਰਤਾ ਹਾਸਲ ਕਰਨ ਵਾਸਤੇ ਲੋੜੀਂਦੇ ਕਦਮ ਚੁੱਕੇ ਜਾਣ। ਹੋਰ ਵੀ ਵਿਸ਼ੇਸ਼ ਤੌਰ ਤੇ, ਸ੍ਰੀ ਰੈੱਡੀ ਨੂੰ ਹੋਰ ਵਾਧੂ ਸਿਫ਼ਾਰਸ਼ਾਂ ਪੇਸ਼ ਕਰਨ ਲਈ ਕਿਹਾ ਜਾਵੇਗਾ ਜਿਨ੍ਹਾਂ ਵਿੱਚ ਔਫ਼ ਡੌਕ ਕਨਟੇਨਰ ਗਤੀਵਿਧੀਆਂ ਲਈ ਟਰੱਕ ਚਾਲਕਾਂ ਦੇ ਮਿਹਨਤਾਨੇ ਦੇ ਹੱਲ ਲਈ ਹੋਰ ਉਪਾਅ ਸ਼ਾਮਲ ਹੋਣਗੇ। ਸ੍ਰੀ ਰੈੱਡੀ ਵੱਲੋਂ ਪੇਸ਼ ਕੀਤੀ ਗਈ ਕਿਸੇ ਵੀ ਸਲਾਹ ਜਾਂ ਸਿਫ਼ਾਰਸ਼ਾਂ ਨੂੰ ਸਾਡੀਆਂ ਸਰਕਾਰਾਂ ਵੱਲੋਂ ਬਹੁਤ ਗੰਭੀਰਤਾ ਨਾਲ ਲਿਆ ਜਾਵੇਗਾ।

ਸਾਂਝੀ ਕਾਰਜ ਯੋਜਨਾ ਬਹੁਤ ਉਮੰਗਾਂ ਭਰਪੂਰ ਸੀ, ਪ੍ਰੰਤੂ ਅਸੀਂ ਵਚਨਬੱਧ ਹਾਂ ਕਿ ਕੈਨੇਡਾ ਦਾ ਸਭ ਤੋਂ ਵੱਧ ਵਿਅਸਤ ਪੋਰਟ ਅਤੇ ਏਸ਼ੀਆ-ਪੈਸਿਫ਼ਿਕ ਗੇਟਵੇਅ ਦਾ ਨਾਜ਼ੁਕ ਹਿੱਸਾ ਮੈਰੀਨ ਕਨਟੇਨਰਾਂ ਨੂੰ ਕੁਸ਼ਲਤਾ ਨਾਲ ਚਲਾਉਣ ਦੇ ਯੋਗ ਹੋ ਸਕੇ ਅਤੇ ਖ਼ਪਤਕਾਰਾਂ ਨੂੰ ਨਿਵੇਕਲੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਆਪਣੀ ਵਿਸ਼ਵਵਿਆਪੀ ਸਾਖ਼ ਵਿੱਚ ਹੋਰ ਵਾਧਾ ਕਰ ਸਕੇ।”

ਹੋਰ ਜਾਣਕਾਰੀ ਲਈ, ਕ੍ਰਿਪਾ ਕਰ ਕੇ ਪਿਛੋਕੜ ਸਬੰਧਤ ਸੂਚਨਾ ਵੇਖੋ (ਲਿੰਕ)

ਸੰਪਰਕ

Ashley Kelahear (ਐਸ਼ਲੇ ਕੈਲਹੇਅਰ)
ਡਾਇਰੈਕਟਰ ਆਫ਼ ਕਮਿਉਨੀਕੇਸ਼ਨਜ਼
ਦਫ਼ਤਰ ਮਾਣਯੋਗ ਲਿਜ਼ਾ ਰਾਇਟ
ਟਰਾਂਸਪੋਰਟ ਮੰਤਰੀ, ਉਟਵਾ
613-991-0700

ਮੀਡੀਆ ਸੰਪਰਕ
ਟਰਾਂਸਪੋਰਟ ਕੈਨੇਡਾ, ਉਟਵਾ
613-993-0055

Robert Adam (ਰੌਬਰਟ ਐਡਮ)
ਮੀਡੀਆ ਸੰਪਰਕ
ਬੀ. ਸੀ. ਆਵਾਜਾਈ ਅਤੇ ਬੁਨਿਆਦੀ ਢਾਂਚਾ ਮੰਤਰਾਲਾ
250-356-8241

ਟਰਾਂਸਪੋਰਟ ਕੈਨੇਡਾ www.tc.gc.ca ਤੇ ਔਨਲਾਈਨ ਹੈ।  e-news  ਰਾਹੀਂ RSS, Twitter, Facebook, YouTube ਅਤੇ Flickr ਦੁਆਰਾ ਟਰਾਂਸਪੋਰਟ ਕੈਨੇਡਾ ਵੱਲੋਂ ਨਵੀਨਤਮ ਜਾਣਕਾਰੀ ਨਾਲ ਜੁੜੇ ਰਹਿ ਸਕਦੇ ਹੋ।

ਇਹ ਬਿਆਨ ਦ੍ਰਿਸ਼ਟੀ ਪੱਖੋਂ ਅਪਾਹਜ ਵਿਅਕਤੀਆਂ ਲਈ ਬਦਲਵੇਂ ਫ਼ਾਰਮੈਟ ਵਿੱਚ ਉਪਲਬਧ ਕਰਾਇਆ ਜਾ ਸਕਦਾ ਹੈ।

ਇਹ ਬਿਆਨ ਪੰਜਾਬੀ ਵਿੱਚ ਵੀ ਉਪਲਬਧ ਹੈ।